Skip to main content

Outside 165 Kennedy Road South, in Brampton, where Vrunda Bhatt lives.Baljit Singh/The Globe and Mail

Vrunda Bhatt ਬ੍ਰੰਪਟਨ ਦੀ ਇੱਕ ਫ੍ਰੀਲੈਂਸ ਪੱਤਰਕਾਰ ਹੈ ਜਿੰਨ੍ਹਾਂ ਨੇ The Globe ਦੇ L6P ਪ੍ਰੌਜੈਕਟ ਵਿੱਚ ਰਿਪੋਰਟਿੰਗ ਕਰਕੇ ਯੋਗਦਾਨ ਪਾਇਆ।

ਜਦੋਂ ਮਾਰਚ, 2020 ਵਿੱਚ ਮਹਾਂਮਾਰੀ ਆਈ, ਤਾਂ ਮੈਂ ਕਮਿਊਨੀਕੇਸ਼ਨਜ਼ ਅਤੇ ਮਾਰਕਿਟਿੰਗ ਵਿੱਚ ਨੌਕਰੀ ਲੱਭ ਰਹੀ ਸੀ, ਇਸ ਗੱਲ ਤੋਂ ਅਣਜਾਣ ਕਿ ਬਜ਼ਾਰ ਕ੍ਰੈਸ਼ ਹੋਣ ਲੱਗਾ ਸੀ ਅਤੇ ਕਈ ਲੋਕਾਂ ਨੂੰ ਨੌਕਰੀਆਂ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਮੇਰੇ ਪਤੀ, ਜੋ ਕਿ ਟੋਰੋਂਟੋ ਵਿੱਚ ਇੱਕ ਨੌਨ-ਪ੍ਰੌਫਿਟ ਵਿਖੇ ਕੰਮ ਕਰਦੇ ਹਨ, ਨੂੰ ਦੱਸਿਆ ਗਿਆ ਸੀ ਕਿ ਉਹ ਵੀ ਹੁਣ ਕਈ ਲੋਕਾਂ ਵਾਂਗ ਘਰ ਤੋਂ ਕੰਮ ਕਰਨਗੇ। ਉਹ ਇਸ ਬਾਰੇ ਬਹੁਤ ਖੁਸ਼ ਸਨ ਕਿਉਂਕਿ ਹੁਣ ਉਹਨਾਂ ਨੂੰ ਇਗਲਿੰਗਟਨ ਈਸਟ ਵਿਖੇ ਜਾਣ ਲਈ ਉਸ ਰਸਤੇ ਵਿੱਚੋਂ ਦੀ ਨਹੀਂ ਗੁਜ਼ਰਨਾ ਪਏਗਾ ਜਿੱਥੇ ਨਿਰਮਾਣ ਕਾਰਜ ਹੋ ਰਹੇ ਸਨ।

ਅਸੀਂ ਦੱਖਣੀ ਬ੍ਰੰਪਟਨ ਵਿੱਚ ਮੇਰੇ 23 ਸਾਲਾਂ ਦੇ ਦਿਓਰ ਦੇ ਨਾਲ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਰਹਿੰਦੇ ਹਾਂ। ਇਸ ਜਗ੍ਹਾਂ ਵਿੱਚ ਕਈ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ, ਅਤੇ ਤੁਸੀਂ ਗੋਰੇ ਨਾਗਰਿਕਾਂ ਨੂੰ ਆਪਣੀਆਂ ਉਂਗਲੀਆਂ ‘ਤੇ ਗਿਣ ਸਕਦੇ ਹੋ। ਸਾਡਾ ਅਪਾਰਟਮੈਂਟ ਪਿਛਲੇ ਤਿੰਨ ਸਾਲਾਂ ਤੋਂ ਸਾਡਾ ਘਰ ਹੈ, ਜਦੋਂ ਤੋਂ ਮੇਰੇ ਪਤੀ ਅਤੇ ਉਸਦਾ ਭਰਾ ਕੈਨੇਡਾ ਦੀ ਇਸ ਨਵੀਂ ਧਰਤੀ ‘ਤੇ ਆਏ ਹਨ – ਮੇਰੇ ਆਉਣ ਤੋਂ ਇੱਕ ਸਾਲ ਪਹਿਲਾਂ।

ਸਾਡੀ ਇਮਾਰਤ ਵਿੱਚ ਲਗਭਗ 12 ਮੰਜ਼ਿਲਾਂ ਹਨ ਅਤੇ ਹਰੇਕ ਮੰਜ਼ਿਲ ‘ਤੇ 16 ਯੂਨਿਟ ਹਨ। ਇਹ ਮੰਨਦੇ ਹੋਏ ਕਿ ਹਰੇਕ ਅਪਾਰਟਮੈਂਟ ਵਿੱਚ ਘੱਟੋ-ਘੱਟ ਤਿੰਨ ਵਿਅਕਤੀ ਰਹਿੰਦੇ ਹਨ, ਇਕੱਲੀ ਇਸ ਇਮਾਰਤ ਵਿੱਚ ਲਗਭਗ 600 ਲੋਕ ਰਹਿੰਦੇ ਹਨ – ਬੱਚਿਆਂ, ਬਜ਼ੁਰਗ ਨਾਗਰਿਕਾਂ ਅਤੇ ਫ੍ਰੰਟ-ਲਾਈਨ ਕਰਮਚਾਰੀਆਂ ਦੇ ਸਮੇਤ – ਜੋ ਕਿ ਸਾਰੇ ਸਾਂਝੀਆਂ ਜਗ੍ਹਾਵਾਂ, ਲਾਂਡਰੀ ਸਥਾਨ ਅਤੇ ਹੋਰਾਂ ਦੀ ਵਰਤੋਂ ਕਰਦੇ ਹਨ। ਇਸ ਇਮਾਰਤ ਦੀ ਚੰਗੀ ਤਰ੍ਹਾਂ ਸੰਭਾਲ ਨਹੀਂ ਕੀਤੀ ਜਾਂਦੀ – ਜੋ ਕਿ ਮਹਾਂਮਾਰੀ ਦੇ ਦੌਰਾਨ ਚਿੰਤਾ ਦਾ ਇੱਕ ਹੋਰ ਵਿਸ਼ਾ ਬਣ ਗਿਆ, ਜਦੋਂ ਬਿਹਤਰ ਸਫਾਈ ਸੰਬੰਧੀ ਨਿਯਮ ਅਤੇ ਨਾਗਰਿਕਾਂ ਦੀ ਭਲਾਈ ਦੇ ਪ੍ਰਤੀ ਧਿਆਨ ਮਦਦਗਾਰ ਹੋਣਾ ਸੀ।

ਪਿਛਲੇ ਸਾਲ ਦੇ ਮੱਧ ਵਿੱਚ, ਮਹਾਂਮਾਰੀ ਦੇ ਮੱਧ ਵਿੱਚ, ਅਸੀਂ ਇੱਕ ਦਿਨ ਉੱਠੇ ਅਤੇ ਇਮਾਰਤ ਵਿੱਚ ਬਿਨਾਂ ਕਿਸੇ ਪੂਰਵ ਸੂਚਨਾ ਦੇ ਬਿਲਕੁਲ ਪਾਣੀ ਨਹੀਂ ਆ ਰਿਹਾ ਸੀ – ਅਤੇ ਇਹ ਲਗਾਤਾਰ ਤਿੰਨ ਦਿਨਾਂ ਦੇ ਲਈ ਵਾਪਿਸ ਨਹੀਂ ਆਇਆ। ਅਸੀਂ ਵਾਰਮਾਰਟ ਤੋਂ ਕੁਝ ਪਾਣੀ ਦੇ ਜੱਗ ਲੈ ਪਾਏ ਅਤੇ ਅਗਲੇ ਦਿਨ ਮੇਰੀ ਭੈਣ ਦੇ ਬੇਸਮੈਂਟ ਵਿੱਚ ਚਲੇ ਗਏ। ਇਮਾਰਤ ਵਿੱਚ ਕਈ ਹੋਰਾਂ ਦੀ ਤਰ੍ਹਾਂ ਜਿੰਨ੍ਹਾਂ ਕੋਲ ਜਾਣ ਲਈ ਕੋਈ ਹੋਰ ਜਗ੍ਹਾਂ ਨਹੀਂ ਸੀ, ਮੈਂ ਖੁਸ਼ਕਿਸਮਤ ਸੀ ਕਿ ਮੈਂ ਕਿਸੇ ਹੋਟਲ ਦੇ ਲਈ ਸੈਂਕੜੇ ਡਾਲਰਾਂ ਦਾ ਭੁਗਤਾਨ ਕਰਨ ਦੀ ਬਜਾਏ – ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਸਕਦੀ ਸੀ। ਇਸ ਸਮੁੱਚੇ ਅਨੁਭਵ ਨੇ ਮੈਨੂੰ ਸਿਖਾਇਆ ਕਿ ਸਾਡੀ ਇਮਾਰਤ ਦਾ ਪ੍ਰਬੰਧਨ ਕਿੰਨਾ ਘੱਟ ਪਰਵਾਹ ਕਰਦਾ ਹੈ – ਅਤੇ ਮੈਨੂੰ ਇਸ ਬੇਪਰਵਾਹੀ ਦੇ ਬਾਰੇ ਹੋਰ ਅਹਿਸਾਸ ਹਾਲੇ ਹੋਣਾ ਸੀ ਜਦੋਂ ਮੇਰੇ ਪਤੀ ਅਤੇ ਮੈਨੂੰ COVID-19 ਹੋਇਆ।

ਪਿਛਲੀ ਫਰਵਰੀ, ਮੇਰੇ ਪਤੀ ਨੂੰ COVID ਹੋ ਗਿਆ। ਮੈਨੂੰ ਲੱਗਿਆ ਕਿ ਇਹ ਵਾਲਮਾਰਟ ਜਾਂ ਕਿਸੇ ਭਾਰਤੀ ਸਟੋਰ ਵਿਖੇ ਜਾਣ ਕਰਕੇ ਹੋਇਆ ਹੋਵੇਗਾ ਜਿੱਥੇ ਅਸੀਂ ਆਮ ਤੌਰ ਸਾਡੀਆਂ ਗ੍ਰੋਸਰੀਆਂ ਖਰੀਦਣ ਲਈ ਜਾਂਦੇ ਹਾਂ। ਮੇਰੇ ਦਿਓਰ ਅਤੇ ਮੇਰਾ ਟੈਸਟ ਨੈਗੇਟਿਵ ਆਇਆ, ਅਤੇ ਖੁਸ਼ਕਿਸਮਤੀ ਨਾਲ ਮੇਰੇ ਪਤੀ ਲਗਭਗ ਦੋ ਹਫਤਿਆਂ ਵਿੱਚ ਰਿਕਵਰ ਹੋ ਗਏ, ਪਰ ਮੈਨੂੰ ਉਹਨਾਂ ਦੀ ਬਹੁਤ ਚਿੰਤਾ ਸੀ। ਅਸੀਂ ਇਸ ਹਾਲਤ ਵਿੱਚ ਇਕੱਠੇ ਗੁਜ਼ਰੇ, ਪਰ ਅਸੀਂ ਭਾਰਤ ਵਿੱਚੇ ਸਾਡੇ ਮਾਪਿਆਂ ਜਾਂ ਇੱਥੋਂ ਤੱਕ ਕੈਨੇਡਾ ਵਿੱਚ ਸਾਡੇ ਦੋਸਤਾਂ ਨੂੰ ਵੀ ਨਹੀਂ ਦੱਸਿਆ – ਅਸੀਂ ਉਹਨਾਂ ਨੂੰ ਚਿੰਤਾ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ।

ਪਿਛਲੇ ਮਹੀਨੇ, ਟੋਰੋਂਟੋ ਵਿੱਚ ਇੱਕ ਨੌਨ-ਪ੍ਰੌਫਿਟ ਦੇ ਨਾਲ ਮੇਰਾ ਘੱਟ ਮਿਆਦ ਦਾ ਕਾਂਟ੍ਰੈਕਟ ਖਤਮ ਹੋ ਗਿਆ ਅਤੇ ਮੈਂ ਦੁਬਾਰਾ ਨੌਕਰੀ ਦੀ ਭਾਲ ਕਰਨ ਲੱਗ ਪਈ। ਇਹ ਅਸਾਨ ਕੰਮ ਨਹੀਂ ਹੈ, ਖਾਸ ਤੌਰ ‘ਤੇ ਮਹਾਂਮਾਰੀ ਦੇ ਦੌਰਾਨ, ਅਤੇ ਮੈਂ ਸੋਚਦੀ ਹੁੰਦੀ ਸੀ ਕਿ ਕੀ ਮੈਨੂੰ ਆਪਣਾ ਬੈਗ ਤਿਆਰ ਕਰਕੇ ਕੁਝ ਸਮੇਂ ਦੇ ਲਈ ਮੇਰੇ ਮਾਪਿਆਂ ਦੇ ਨਾਲ ਭਾਰਤ ਰਹਿਣ ਲਈ ਚਲੇ ਜਾਣਾ ਚਾਹੀਦਾ ਹੈ। ਪਰ ਫਿਰ ਭਾਰਤ ਲਗਾਤਾਰ ਵੱਧ ਰਹੇ COVID ਦੇ ਮਾਮਲਿਆਂ ਕਰਕੇ ਨਜ਼ਰਾਂ ਵਿੱਚ ਆ ਗਿਆ ਅਤੇ ਫਲਾਈਟਾਂ ਰੱਦ ਹੋ ਗਈਆਂ ਅਤੇ ਘਰ ਤੋਂ ਆਉਣ ਵਾਲੀਆਂ ਵੀਡਿਓ ਕਾਲਾਂ ਦੁਖੀ ਲੋਕਾਂ ਦੀਆਂ ਕਹਾਣੀਆਂ ਨਾਲ ਭਰੀਆਂ ਸਨ, ਅਸੀਂ ਜਾਣਦੇ ਸੀ ਕਿ ਸਾਡੇ ਪ੍ਰਿਯਜਨਾਂ ਦਾ ਦੇਹਾਂਤ ਹੋ ਰਿਹਾ ਹੈ। ਮੇਰੀ ਸੋਸ਼ਲ ਮੀਡਿਆ ਫੀਡ ਵਿੱਚ ਵੀ ਲੋਕ ਸਿਰਫ ਇਸ ਬਾਰੇ ਗੱਲ ਕਰ ਰਹੇ ਸਨ ਕਿ ਉੱਥੇ ਕੀ ਹੋ ਰਿਹਾ ਸੀ, ਹੋਰ ਕਿਸੇ ਬਾਰੇ ਨਹੀਂ।

ਇਸਲਈ ਜਦੋਂ ਮੈਨੂੰ 25 ਅਪ੍ਰੈਲ ਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਈ, ਤਾਂ ਮੈਂ ਇਸ ਦਾ ਦੋਸ਼ ਭਾਰਤ ਵਿੱਚ ਹੋ ਰਹੀਆਂ ਦੁਖਦ ਘਟਨਾਵਾਂ ਦੇ ਕਰਕੇ ਹੋ ਰਹੀ ਚਿੰਤਾ ‘ਤੇ ਮੜ੍ਹਿਆ, ਜਦਕਿ ਮੇਰੇ ਪਤੀ ਸੋਚਦੇ ਸਨ ਕਿ ਇਹ ਸ਼ਾਇਦ ਮੇਰੇ ਵੱਲੋਂ ਔਨਲਾਈਨ ਜ਼ਿਆਦਾ ਸਮਾਂ ਬਤੀਤ ਕਰਨ ਦੇ ਕਰਕੇ ਹੈ। ਪਰ ਅਗਲੇ ਦਿਨ, ਮੈਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਮੈਨੂੰ ਖੰਘ ਆਉਣੀ ਸ਼ੁਰੂ ਹੋ ਗਈ। ਹੁਣ ਸਾਨੂੰ ਲੱਗਿਆ ਕਿ ਮੈਨੂੰ ਟੈਸਟ ਕਰਵਾਉਣਾ ਚਾਹੀਦਾ ਹੈ। ਅਸੀਂ ਬ੍ਰੰਪਟਨ ਵਿੱਚ ਇੰਬੈਸੀ ਗ੍ਰੈਂਡ ਕਨਵੈਂਸ਼ਨ ਸੈਂਟਰ ਵਿਖੇ ਅਪੌਇੰਟਮੈਂਟ ਬੁੱਕ ਕੀਤੀ। ਕਤਾਰ ਵਿੱਚ ਮੇਰੇ ਮੂਹਰੇ ਆਪਣੇ ਤਿੰਨ ਬੱਚਿਆਂ ਦੇ ਨਾਲ ਇੱਕ ਮੁਸਲਿਮ ਮਾਤਾ ਸੀ, ਅਤੇ ਮੇਰੇ ਬਿਲਕੁਲ ਪਿੱਛੇ ਪੰਜ ਸਦੱਸਾਂ ਦਾ ਇੱਕ ਅਸ਼ਵੇਤ ਪਰਿਵਾਰ ਖੜ੍ਹਾ ਸੀ। ਮੈਨੂੰ ਇੰਝ ਲੱਗਿਆ ਜਿਵੇਂ ਅਸੀਂ ਇਸ ਸਭ ਵਿੱਚ ਇਕੱਠੇ ਹਾਂ।

ਇੱਕ ਦਿਨ ਬੀਤ ਗਿਆ ਅਤੇ ਮੇਰੇ ਨਤੀਜੇ ਹਾਲੇ ਵੀ ਨਹੀਂ ਆਏ ਸੀ। ਅਗਲੇ ਦਿਨ, ਮੇਰੇ ਪਤੀ ਨੇ ਔਨਲਾਈਨ ਜਾਂਚ ਕੀਤੀ ਅਤੇ ਉਹਨਾਂ ਨੂੰ ਲੱਗਿਆ ਕਿ ਨਤੀਜਾ ਦੁਬਾਰਾ ਨੈਗੇਟਿਵ ਆਇਆ ਹੈ – ਪਰ ਉਹਨਾਂ ਨੇ ਗਲਤ ਮਿਤੀ ਪੜ੍ਹ ਲਈ ਸੀ; ਇਹ ਫਰਵਰੀ ਦਾ ਪਿਛਲਾ ਟੈਸਟ ਸੀ। ਤਾਂ ਮੈਂ ਸੱਚੀ ਪੌਜ਼ੀਟਿਵ ਆਈ ਸੀ। ਮੇਰੇ ਦਿਮਾਗ ਵਿੱਚ ਇਹ ਵਿਚਾਰ ਆਉਣ ਲੱਗ ਗਏ ਕਿ ਮੈਨੂੰ ਇਹ ਕਿੱਦਾਂ ਹੋਇਆ ਹੋਵੇਗਾ – ਕਿਤੇ ਗਏ ਬਿਨਾਂ ਜਾਂ ਕਈ ਦਿਨਾਂ ਵਿੱਚ ਕਿਸੇ ਨੂੰ ਮਿਲੇ ਬਿਨਾਂ ਮੈਂ ਕਿਵੇਂ ਸੰਕ੍ਰਮਿਤ ਹੋਈ ਹੋਵਾਂਗੀ?

ਮੈਨੂੰ ਸਵੀਕਾਰ ਕਰਨਾ ਹੋਵੇਗਾ, ਮੈਨੂੰ ਬਹੁਤ ਪਛਤਾਵਾ ਮਹਿਸੂਸ ਹੋਇਆ। ਕੀ ਮੈਂ ਘਰ ਵਿੱਚ ਚੰਗੀ ਤਰ੍ਹਾਂ ਸਫਾਈ ਨਹੀਂ ਰੱਖੀ? ਕੀ ਸਾਨੂੰ ਵਧੀਆ ਰੱਖ-ਰਖਾਅ ਵਾਲੀ ਜਾਂ ਘੱਟ ਭੀੜ ਵਾਲੀ ਇਮਾਰਤ ਵਿੱਚ ਅਪਾਰਟਮੈਂਟ ਮਿਲ ਸਕਦਾ ਸੀ ਜੇਕਰ ਮੇਰੇ ਕੋਲ ਸਥਾਈ ਨੌਕਰੀ ਹੁੰਦੀ? ਮੇਰੇ ਪਰਿਵਾਰ ਨੇ ਪਿਛਲੇ ਅੱਠ ਸਾਲਾਂ ਵਿੱਚ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਮ੍ਹਣਾ ਕੀਤਾ ਹੈ – ਸ਼ਾਇਦ ਅਸੀਂ ਪੂਰੀ ਸ਼ਰੱਧਾ ਦੇ ਨਾਲ ਭਗਵਾਨ ਮੂਹਰੇ ਪ੍ਰਾਥਨਾ ਨਹੀਂ ਕੀਤੀ?

ਭਾਵੇਂ ਮੈਨੂੰ ਮੇਰੇ ਨਤੀਜੇ 28 ਨੂੰ ਮਿਲੇ, ਪਰ ਮੈਨੂੰ ਉਸ ਤੋਂ ਅਗਲੇ ਸੋਮਵਾਰ – ਪੰਜ ਦਿਨਾਂ ਬਾਅਦ ਤੱਕ ਪਬਲਿਕ-ਸਿਹਤ ਅਧਿਕਾਰੀਆਂ ਵੱਲੋਂ ਕੋਈ ਕਾਲ ਪ੍ਰਾਪਤ ਨਹੀਂ ਹੋਈ। ਮੈਂ ਸਾਡੀ ਇਮਾਰਤ ਵਿਖੇ ਉਚਿਤ ਸਿਹਤ ਅਤੇ ਸੁਰੱਖਿਆ ਨਿਯਮਾਂ ਦੀ ਕਮੀ ਬਾਰੇ ਕਾਲਰ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ – ਅਤੇ ਇਹ ਕਿ ਕਿਵੇਂ ਨਾਗਰਿਕਾਂ ਨੂੰ ਇਸ ਸਾਈਟ ‘ਤੇ ਹੋਣ ਵਾਲੇ ਸੰਕ੍ਰਮਣ ਦੇ ਉਭਾਰ ਬਾਰੇ ਨਹੀਂ ਦੱਸਿਆ ਗਿਆ ਸੀ।

ਜਦੋਂ ਮੇਰੇ ਪਤੀ ਨੂੰ COVID ਹੋਇਆ ਸੀ, ਅਸੀਂ ਮਜ਼ਬੂਤ ਰਹਿਣ ਅਤੇ ਆਪਣੇ ਆਪ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਜਦੋਂ ਮੈਂ ਪੌਜ਼ੀਟਿਵ ਪਾਈ ਗਈ, ਤਾਂ ਮੇਰੀ ਭਾਵਾਤਮਕ ਤਾਕਤ ਖਤਮ ਹੋ ਗਈ। ਮੇਰੇ ਸੱਸ ਨੂੰ ਮੇਰੀ ਅਵਾਜ਼ ਤੋਂ ਹੀ ਪਤਾ ਲੱਗ ਗਿਆ ਕਿ ਕੁਝ ਗਲਤ ਸੀ – ਪਰ ਅਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਫਲੂ ਸੀ।

ਬਦਕਿਸਮਤੀ ਨਾਲ, ਅਸੀਂ ਮੇਰੀ ਭੈਣ ਦੀ ਸਹੇਲੀ ਨੂੰ ਦੱਸ ਬੈਠੇ ਜੋ ਕੈਨੇਡਾ ਵਿੱਚ ਰਹਿੰਦੀ ਹੈ ਕਿ ਅਸੀਂ COVID ਟੈਸਟ ਕਰਵਾਇਆ ਹੈ – ਉਸਨੇ ਭਾਰਤ ਵਿੱਚ ਰਹਿ ਰਹੀ ਮੇਰੀ ਭੈਣ ਨੂੰ ਦੱਸ ਦਿੱਤਾ ਅਤੇ ਸਾਰਾ ਪਰਿਵਾਰ ਚਿੰਤਤ ਹੋ ਗਿਆ। ਮੇਰੇ ਪਿਤਾ ਇੱਕ ਕੈਂਸਰ ਦੇ ਮਰੀਜ਼ ਹਨ ਅਤੇ ਮੇਰੇ ਸੱਸ ਨੂੰ ਗੰਭੀਰ ਜੋੜਾਂ ਦਾ ਦਰਦ ਰਹਿੰਦਾ ਹੈ। ਸਾਡੇ ਲਈ ਇਹ ਯਕੀਨੀ ਕਰਨਾ ਜ਼ਰੂਰੀ ਸੀ ਕਿ ਉਹ ਸ਼ਾਂਤ ਰਹਿਣ ਅਤੇ ਅਸੀਂ ਉਹਨਾਂ ਨੂੰ ਕੋਈ ਚਿੰਤਾ ਨਾ ਦਈਏ।

ਸਾਡੇ ਕੁਝ ਦੂਰ ਦੇ ਰਿਸ਼ਤੇਦਾਰ ਜੋ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ, ਨੇ ਆਪਣੀ ਜਾਨ COVID ਕਰਕੇ ਗੁਆ ਲਈ ਹੈ। ਇਹ ਉਹ ਲੋਕ ਸਨ ਜਿੰਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀ – ਜਦੋਂ ਤੁਸੀਂ ਇਹਨਾਂ ਦੇ ਦੇਹਾਂਤ ਬਾਰੇ ਗੱਲ੍ਹਾਂ ਸੁਣਦੇ ਹੋ ਤਾਂ ਤੁਸੀਂ ਉਹਨਾਂ ਬਾਰੇ ਲਗਾਤਾਰ ਸੋਚਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਅਤੇ ਇਸ ਬਾਰੇ ਕਿ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਸੀ। ਉਦਾਹਰਨ ਦੇ ਲਈ, ਪਰਿਵਾਰ ਦਾ ਇੱਕ ਸਦੱਸ ਜੋ ਐਲਬਰਟਾ ਵਿੱਚ ਰਹਿੰਦਾ ਹੈ, ਉਹ ਜਦੋਂ ਦਾ ਇੱਥੇ ਆਇਆ ਹੈ, ਉਹ ਵਾਪਿਸ ਭਾਰਤ ਨਹੀਂ ਗਿਆ, ਅਤੇ ਭਾਰਤ ਵਿੱਚ ਰਹਿ ਰਹੀ ਉਸਦੀ ਭੈਣ ਦਾ ਦੇਹਾਂਤ ਹੋ ਗਿਆ। ਇਸ ਸਮਾਚਾਰ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ।

ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਪਤੀ ਅਤੇ ਮੈਂ COVID ਵਿੱਚੋਂ ਨਿਕਲ ਪਾਏ। ਮੈਂ ਹਾਲੇ ਵੀ ਸਾਡੀ ਅਪਾਰਟਮੈਂਟ ਇਮਾਰਤ ਦੇ ਬਾਰੇ ਚਿੰਤਾਵਾਂ ਦੇ ਕਰਕੇ ਮੂਵ ਕਰਨ ਬਾਰੇ ਸੋਚਦੀ ਹਾਂ, ਪਰ ਨੌਕਰੀ ਬਾਰੇ ਅਨਿਸ਼ਚਤਤਾ ਅਤੇ ਵੱਧ ਕੀਮਤਾਂ ਸਾਨੂੰ ਫਿਲਹਾਲ ਰੋਕ ਕਹੀਆਂ ਹਨ। ਪਰ ਮੈਨੂੰ ਪਤਾ ਹੈ ਕਿ ਹੋਰ ਕਈ ਲੋਕਾਂ ਦੀ ਮਹਾਂਮਾਰੀ ਦੀਆਂ ਕਹਾਣੀਆਂ ਸਾਡੀ ਕਹਾਣੀ ਵਾਂਗ ਹਨ।

ਸੰਪਾਦਕ ਦਾ ਨੋਟ: Vrunda Bhatt ਵੱਲੋਂ ਇਹ ਲੇਖ ਜਮ੍ਹਾਂ ਕਰਨ ਤੋਂ ਕਈ ਦਿਨ ਬਾਅਦ, ਗੁਜਰਾਤ, ਭਾਰਤ ਵਿੱਚ ਦਿਲ ਦੇ ਦੌਰਾ ਪੈਣ ‘ਤੇ ਅਚਾਨਕ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਮਹੀਨੇ ਆਪਣੇ ਪਰਿਵਾਰ ਦੇ ਕੋਲ ਸ਼ੋਕ ਮਨਾਉਣ ਦੇ ਲਈ ਭਾਰਤ ਚਲੀ ਗਈ।