Skip to main content
Open this photo in gallery:

Gundeep Singh, centre, with his roommates Manas Kaur, far left, Rasleen Kaur, Amandeep Singh, Gurliv Singh and Jaspreet Singh at Professor's Lake in Brampton.Baljit Singh/The Globe and Mail

ਜਦੋਂ 2020 ਸਾਡੀਆਂ ਬਰੂਹਾਂ ‘ਤੇ ਖੜ੍ਹਾ ਸੀ, ਤਾਂ ਸਾਡੀਆਂ ਕਈ ਯੋਜਨਾਵਾਂ ਸਨ-ਨਵੇਂ ਵਰ੍ਹੇ ਦੇ ਸੰਕਲਪਾਂ ਦੀ ਲੰਬੀ ਸੂਚੀ, ਨਵੇਂ ਵਚਨ, ਨਵੀਆਂ ਜ਼ੁੰਮੇਵਾਰੀਆਂ। ਕਿਸ ਨੂੰ ਪਤਾ ਸੀ ਇਹ ਆਪਣੇ ਨਾਲ ਇੱਕ ਬਿਨ ਬੁਲਾਇਆ ਪ੍ਰਾਹੁਣਾ ਲੈ ਆਵੇਗਾ ਜੋ ਬਹੁਤ ਸਾਰੀਆਂ ਜਾਨਾਂ ਲੈ ਲਵੇਗਾ।

ਸਾਡੇ ਵਿੱਚੋਂ ਕੁਝ ਲੋਕਾਂ ਲਈ, ਅਸਲ ਵਿੱਚ ਕੁਝ ਨਹੀਂ ਬਦਲਿਆ ਹੈ - ਪਰ ਹੋਰਨਾਂ ਲਈ, ਸਭ ਕੁਝ ਬਦਲ ਗਿਆ ਹੈ। ਮੈਂ ਦੋਹਾਂ ਦਾ ਅਨੁਭਵ ਕੀਤਾ ਹੈ।

ਜਦੋਂ ਮਹਾਂਮਾਰੀ ਦੀ ਪਹਿਲੀ ਮਾਰ ਪਈ, ਤਾਂ ਮੈਂ COVID-19 ਦੁਆਰਾ ਬਹੁਤ ਪ੍ਰਭਾਵਿਤ ਨਹੀਂ ਹੋਇਆ। ਮੈਂ ਪਹਿਲਾਂ ਹੀ ਅਮਰੀਕਾ-ਅਧਾਰਤ ਇੱਕ ਐਨਜੀਓ ਲਈ ਘਰੋਂ ਕੰਮ ਕਰ ਰਿਹਾ ਸੀ। ਮੇਰਾ ਪਰਿਵਾਰ ਭਾਰਤ ਵਿੱਚ ਸੀ, ਉਹ ਸੁਰੱਖਿਅਤ ਅਤੇ ਠੀਕ-ਠਾਕ ਸਨ, ਬਹੁਤ ਥੋੜ੍ਹੇ ਮਾਮਲਿਆਂ ਦੇ ਨਾਲ ਉੱਥੇ ਸਭ ਕੁਝ ਕਾਫੀ ਹੱਦ ਤੱਕ ਨਿਯੰਤਰਣ ਅਧੀਨ ਸੀ।

ਬਦਕਿਸਮਤੀ ਨਾਲ, 2021 ਵਿੱਚ ਮੇਰੇ ਲਈ ਬਹੁਤ ਵੱਖਰੀਆਂ ਯੋਜਨਾਵਾਂ ਸਨ। ਸਾਲ ਦੀ ਸ਼ੁਰੂਆਤ ਤੋਂ, ਮੈਨੂੰ ਮੇਰੇ ਜਾਣਕਾਰ ਲੋਕਾਂ ਦੀਆਂ ਖਬਰਾਂ ਮਿਲਣੀਆਂ ਸ਼ੁਰੂ ਹੋਈਆਂ ਕਿ ਉਹ COVID ਪੌਜ਼ਿਟਿਵ ਸਨ। ਭਾਵੇਂ , ਉਸ ਸਮੇਂ, ਉਨ੍ਹਾਂ ਵਿੱਚੋਂ ਕੋਈ ਵੀ ਬਹੁਤਾ ਬਿਮਾਰ ਨਹੀਂ ਸੀ।

ਕੈਨੇਡਾ ਵਿੱਚ ਮੈਂ ਪੰਜ ਹੋਰ ਜਣਿਆਂ ਨਾਲ ਰਹਿੰਦਾ ਹਾਂ: ਗੁਰਲਿਵ ਸਿੰਘ, ਰਸਲੀਨ ਕੌਰ (ਗੁਰਲਿਵ ਦੀ ਭੈਣ), ਅਮਨਦੀਪ ਸਿੰਘ, ਮਾਨਸ ਕੌਰ ਅਤੇ ਜਸਪ੍ਰੀਤ ਸਿੰਘ ਅਤੇ ਅਸੀਂ ਸਾਰੇ ਭਾਰਤ ਤੋਂ ਹਾਂ, ਅਤੇ ਮੈਂ ਪਹਿਲਾਂ ਅਮਨ, ਗੁਰਲਿਵ ਅਤੇ ਰਸਲੀਨ ਨੂੰ ਜਾਣਦਾ ਸੀ ਕਿਉਂਕਿ ਅਸੀਂ ਸਾਰੇ ਨਵੀਂ ਦਿੱਲੀ ਵਿੱਚ ਇੱਕੋ ਖੇਤਰ ਵਿੱਚ ਰਿਹਾ ਕਰਦੇ ਸੀ। ਸਾਡੇ ਸਾਰਿਆਂ ਦੀਆਂ ਵੱਖ-ਵੱਖ ਸ਼ਖਸੀਅਤਾਂ ਅਤੇ ਦ੍ਰਿਸ਼ਟੀਕੋਣ ਹਨ, ਫਿਰ ਵੀ ਅਸੀਂ ਹੈਰਾਨੀਜਨਕ ਤਰੀਕੇ ਨਾਲ ਮਿਲਕੇ ਚੱਲ ਰਹੇ ਹਾਂ। ਉਹ ਹੁਣ ਮੇਰੇ ਲਈ ਪਰਿਵਾਰ ਵਾਂਗ ਬਣ ਗਏ ਹਨ।

1 ਅਪ੍ਰੈਲ ਨੂੰ, ਸਾਡੇ ਘਰ ਦਾ ਸਭ ਤੋਂ ਛੋਟਾ ਮੈਂਬਰ, ਗੁਰਲਿਵ, ਜੋ ਕਿ ਥੋੜ੍ਹਾ ਬਹੁਤ ਸ਼ਰਾਰਤੀ ਪਾਤਰ ਵੀ ਹੈ, ਉਸ ਨੇ ਆਖਿਆ ਕਿ ਉਹ ਠੀਕ ਮਹਿਸੂਸ ਨਹੀਂ ਸੀ ਕਰ ਰਿਹਾ। ਅਸੀਂ ਸੋਚਿਆ ਕਿ ਉਹ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਲਈ ਸਾਡੇ ਵਿੱਚੋਂ ਕਿਸੇ ਨੇ ਵੀ ਉਸਨੂੰ ਤਵੱਜੋਂ ਨਾ ਦਿੱਤੀ। ਅਗਲੀ ਸਵੇਰ ਸਾਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਅਸੀਂ ਕਿੰਨੇ ਗਲਤ ਸੀ, ਜਦੋਂ ਅਸੀਂ ਉਸਨੂੰ ਤੇਜ਼ ਬੁਖਾਰ ਅਤੇ ਸਿਰ ਦਰਦ ਨਾਲ ਕਰਾਹੁੰਦੇ ਵੇਖਿਆ। ਅਸੀਂ ਤੁਰੰਤ ਉਸ ਲਈ ਕੁਝ ਦਵਾਈ ਲਈ ਅਤੇ ਉਸਨੂੰ ਦੂਸਰੀ ਮੰਜ਼ਿਲ ‘ਤੇ ਇਕਾਂਤਵਾਸ (ਕੁਆਰੰਟਾਈਨ) ਕਰ ਦਿੱਤਾ।

ਉਸੇ ਦਿਨ ਸਵੇਰੇ, ਗੁਰਲਿਵ ਨੂੰ ਆਪਣੇ ਕੰਮ ਵਾਲੀ ਥਾਂ ਤੋਂ ਫੋਨ ਆਇਆ ਕਿ ਉਸ ਦੇ ਨੌਕਰੀ ਵਾਲੇ ਸਥਾਨ ਤੋਂ ਕੋਈ ਪੌਜ਼ਿਟਿਵ ਪਾਇਆ ਗਿਆ ਹੈ, ਅਤੇ ਉਸ ਨੂੰ ਵੀ ਟੈਸਟ ਕਰਵਾਉਣ ਲਈ ਆਖਿਆ ਗਿਆ। ਇਸ ਲਈ ਉਸਨੇ ਟੈਸਟ ਕਰਵਾਇਆ। ਅਤੇ ਨਤੀਜਾ ਕੀ ਨਿਕਲਿਆ? ਪੌਜ਼ਿਟਿਵ।

ਜਦੋਂ ਉਹ ਇਕਾਂਤਵਾਸ ਵਿੱਚ ਸੀ, ਤਾਂ ਸਾਡੇ ਘਰ ਦੇ ਹਰ ਵਿਅਕਤੀ ਨੇ ਉਸਦੀ ਦੇਖਭਾਲ ਕਰਨ ਦਾ ਪੂਰਾ ਉਪਰਾਲਾ ਕੀਤਾ, ਅਤੇ ਇਹ ਯਕੀਨੀ ਬਣਾਇਆ ਗਿਆ ਕਿ ਉਹ ਇਕੱਲਿਆਂ ਮਹਿਸੂਸ ਨਾ ਕਰੇ ਜਾਂ ਬਹੁਤ ਜ਼ਿਆਦਾ ਚਿੰਤਤ ਨਾ ਰਹੇ।

ਕੁਝ ਦਿਨਾਂ ਬਾਅਦ, ਜਦੋਂ ਮੈਂ ਉੱਠਿਆ ਤਾਂ ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਕੋਈ ਮੇਰੇ ਸਿਰ ਵਿੱਚ ਸੌ ਸੂਈਆਂ ਚੋਭ ਰਿਹਾ ਹੋਵੇ। ਫਿਰ ਇਸ ਨਾਲ ਮੇਰੇ ਦਿਮਾਗ ਵਿੱਚ ਖਣਕੀ: ਗੁਰਲਿਵ ਨੇ ਉਸੇ ਦਿਨ ਮੈਨੂੰ ਘੁੱਟ ਕੇ ਜੱਫੀ ਪਾਈ ਸੀ ਜਿਸ ਦਿਨ ਉਸ ਨੇ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ।

ਉਸ ਤੋਂ ਬਾਅਦ, ਰਸਲੀਨ ਅਤੇ ਜਸਪ੍ਰੀਤ ਨੂੰ ਵੀ ਬੁਖਾਰ ਅਤੇ COVID ਦੇ ਹੋਰ ਲੱਛਣ ਮਹਿਸੂਸ ਹੋਏ। ਅਪ੍ਰੈਲ ਦੇ ਦੂਜੇ ਹਫ਼ਤੇ ਤੱਕ, ਅਸੀਂ ਚਾਰ ਜਣੇ ਆਪਣੇ ਘਰ ਦੀ ਦੂਸਰੀ ਮੰਜ਼ਿਲ ‘ਤੇ ਇਕਾਂਤਵਾਸ ਵਿੱਚ ਰਹਿ ਰਹੇ ਸੀ, ਜਦੋਂ ਕਿ ਸਾਡੇ COVID ਤੋਂ ਬਚੇ ਦੋ ਸਾਥੀ ਅਮਨ ਅਤੇ ਮਾਨਸ ਪਹਿਲੀ ਮੰਜ਼ਲ ‘ਤੇ ਲਿਵਿੰਗ ਰੂਮ ਵਿੱਚ ਚਲੇ ਗਏ। ਕਿਉਂਜੋ ਉਨ੍ਹਾਂ ਨੇ ਦੂਜਿਆਂ ਨਾਲ ਕਮਰੇ ਸਾਂਝੇ ਕੀਤੇ ਸਨ, ਉਨ੍ਹਾਂ ਨੂੰ ਆਪਣੇ ਗੱਦੇ ਕਿਟਾਣੂਮੁਕਤ (ਸੈਨੀਟਾਈਜ਼) ਕਰਨੇ ਪਏ, ਆਪਣੇ ਸਾਰੇ ਕੱਪੜੇ ਅਤੇ ਲਿਨੇਨ ਧੋਣੇ ਪਏ, ਅਤੇ ਆਪਣਾ ਸਾਰਾ ਸਮਾਨ ਹੇਠਲੀ ਮੰਜ਼ਲ ‘ਤੇ ਲਿਜਾਣਾ ਪਿਆ। ਸਾਡਾ ਲਿਵਿੰਗ ਰੂਮ ਐਮਰਜੈਂਸੀ ਪਨਾਹ ਵਾਂਗ ਲੱਗਣ ਲੱਗ ਪਿਆ ਸੀ।

ਅਮਨ ਅਤੇ ਮਾਨਸ ਦੋਵਾਂ ਨੇ ਇੱਕ ਹਫ਼ਤੇ ਲਈ ਸਾਡੇ ਬਾਕੀ ਸਾਰਿਆਂ ਦੀ ਦੇਖਭਾਲ ਕੀਤੀ। ਉਨ੍ਹਾਂ ਨੇ ਸਾਡੇ ਲਈ ਵਿਸ਼ੇਸ਼ ਭੋਜਨ ਬਣਾਏ, ਸਾਡੇ ਕੱਪੜੇ ਧੋਤੇ, ਸਾਡੀਆਂ ਦਵਾਈਆਂ ਦਾ ਪ੍ਰਬੰਧ ਕੀਤਾ - ਅਤੇ ਇਹ ਸਭ ਕੁਝ ਪ੍ਰੋਟੋਕੋਲ (ਨਿਯਮਾਂ) ਦੀ ਪਾਲਣਾ ਕਰਦੇ ਹੋਏ ਅਤੇ ਆਪਣਾ ਕੰਮ ਸੰਭਾਲਦਿਆਂ ਕੀਤਾ।

ਬਦਕਿਸਮਤੀ ਨਾਲ, ਦੂਜੇ ਹਫਤੇ ਦੇ ਅੰਤ ਤੱਕ, ਅਮਨ ਅਤੇ ਮਾਨਸ ਵੀ COVID-ਪੌਜ਼ਿਟਿਵ ਕਲੱਬ ਵਿੱਚ ਸ਼ਾਮਲ ਹੋ ਗਏ। ਉਸ ਵਕਤ ਤੱਕ, ਜਸਪ੍ਰੀਤ ਠੀਕ ਹੋ ਗਿਆ ਅਤੇ ਉਸ ਨੇ ਸਾਡੇ ਸਾਰਿਆਂ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ।

ਉਹਨਾਂ ਕੁੱਝ ਹਫਤਿਆਂ ਦਾ ਮੇਰੇ ‘ਤੇ ਬਹੁਤ ਪ੍ਰਭਾਵ ਪਿਆ। ਉਸ ਘਟਨਾ ਨੇ ਅਸਲ ਵਿੱਚ ਕੋਰੋਨਾਵਾਇਰਸ ਦੀ ਹਕੀਕਤ ਨੂੰ ਘਰ ਵਿੱਚ ਲਿਆਂਦਾ। ਅਸੀਂ ਸਾਰਾ ਦਿਨ ਕਮਰਿਆਂ ਵਿੱਚ ਲੇਟ ਕੇ, ਦਰਦ ਨਾਲ ਉੱਸਲਵੱਟੇ ਲੈ ਕੇ ਗੁਜ਼ਾਰਦੇ ਅਤੇ ਸੋਚਦੇ ਰਹਿੰਦੇ ਕਿ ਅੱਗੇ ਕੀ ਹੋਵੇਗਾ। ਇਸ ਦੇ ਨਾਲ ਹੀ, ਅਸੀਂ ਵੀਡੀਓ ਕਾਲਾਂ ਰਾਹੀਂ ਆਪਣੇ ਲਾਚਾਰ ਮਾਪਿਆਂ ਦੀ ਖੇਰ-ਦੁਆ ਪੁੱਛਦੇ ਅਤੇ ਉਹਨਾਂ ਨੂੰ ਭਰੋਸਾ ਦਵਾਉਣ ਦਾ ਯਤਨ ਕਰਦੇ।

ਚਾਹੇ ਕੁੱਝ ਵੀ ਹੋਵੇ, ਅਸੀਂ ਆਮ ਤੌਰ ‘ਤੇ ਰਾਤ ਦਾ ਖਾਣਾ ਇਕੱਠੇ ਖਾਂਦੇ ਸੀ। ਇਹ ਸਾਡੇ ਘਰ ਵਿੱਚ ਇੱਕ ਕਿਸਮ ਦੀ ਰਸਮ ਬਣ ਗਈ ਸੀ - ਇਹ ਸਾਡੇ ਵਿਚਾਰਾਂ ਜਾਂ ਚਿੰਤਾਵਾਂ ਨੂੰ ਸਾਂਝਾ ਕਰਨ ਦਾ ਸਮਾਂ ਹੁੰਦਾ ਸੀ। ਪਰ ਜਦੋਂ ਅਸੀਂ ਇਕਾਂਤਵਾਸ ਵਿੱਚ ਚਲੇ ਗਏ ਤਾਂ ਅਸੀਂ ਆਪੋ ਆਪਣੇ ਕਮਰਿਆਂ ਵਿੱਚ ਇਕੱਲਿਆਂ ਖਾਣਾ ਖਾਂਦੇ ਸੀ। ਇੰਝ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਰਾਕਸ਼ਸ ਸਾਡੇ ਘਰ ਵਿੱਚ ਵੜ ਗਿਆ ਹੋਵੇ, ਸਾਨੂੰ ਕੈਦ ਕਰ ਦਿੱਤਾ ਗਿਆ ਹੋਵੇ ਅਤੇ ਹੁਣ ਸਾਤੋਂ ਖੋਹ ਕੇ ਖਾ ਰਿਹਾ ਹੋਵੇ। ਸਾਡੇ ਘਰ ਦਾ ਆਮ ਕਰਕੇ ਚਮਕਦਾਰ, ਖੁਸ਼ਗਵਾਰ ਵਾਤਾਵਰਣ ਹੌਲੀ-ਹੌਲੀ ਉਦਾਸ ਅਤੇ ਗਮਗੀਨ ਮਾਹੌਲ ਵਿੱਚ ਬਦਲ ਰਿਹਾ ਸੀ।

ਫਿਰ ਅਸੀਂ ਫੈਸਲਾ ਕੀਤਾ ਕਿ ਹੁਣ ਪਾਣੀ ਸਿਰੋਂ ਟੱਪ ਗਿਆ ਹੈ। ਅਸੀਂ ਆਪਣੇ ਆਪ ਨੂੰ ਚਿੰਤਾ ਅਤੇ ਉਦਾਸੀ ਦੇ ਅਨਾਦਿ ਚੱਕਰ ਕਰਕੇ ਢਹਿੰਦੀਆਂ ਕਲਾਂ ਵਿੱਚ ਨਹੀਂ ਲਿਜਾਣ ਦੇਣ ਸਕਦੇ। ਅਸੀਂ ਆਪਣੇ ਬੰਦ ਦਰਵਾਜ਼ਿਆਂ ਦੇ ਪਿੱਛਿਓਂ ਇੱਕ ਦੂਜੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਸਾਰਿਆਂ ਨੇ ਆਪੋ-ਆਪਣੇ ਕਮਰਿਆਂ ਵਿੱਚੋਂ ਵੀਡੀਓ ਚੈਟ ‘ਤੇ ਇਕੱਠਿਆਂ ਡਿਨਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕਿ ਹਰ ਕੋਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਹਾਲੇ ਵੀ ਢਹਿੰਦਾ ਮਹਿਸੂਸ ਕਰ ਰਿਹਾ ਸੀ, ਅਸੀਂ ਇਕ ਦੂਜੇ ਦੀ ਸਭ ਤੋਂ ਵਧੀਆ ਤਰੀਕੇ ਨਾਲ ਦੇਖਭਾਲ ਕੀਤੀ।

ਜਿਸ ਦਿਨ ਅਸੀਂ ਆਪਣਾ ਇਕਾਂਤਵਾਸ ਪੂਰਾ ਕਰ ਲਿਆ, ਅਸੀਂ ਇਕੱਠਿਆਂ ਅਰਦਾਸ ਕੀਤੀ, ਰਾਤ ਦਾ ਖਾਣਾ ਬਣਾਇਆ ਅਤੇ ਦੁਬਾਰਾ ਖਾਣੇ ਦੀ ਉਹੀ ਰਸਮ ਸ਼ੁਰੂ ਕਰ ਦਿੱਤੀ। ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਸਾਰੇ ਇੱਕ ਬਹੁਤ ਮੁਸ਼ਕਿਲ ਪ੍ਰੀਖਿਆ ਵਿੱਚੋਂ ਲੰਘੇ - ਅਤੇ ਅੰਤ ਵਿੱਚ ਪਾਸ ਹੋਏ। ਸਾਨੂੰ ਕੀ ਪਤਾ ਸੀ ਕਿ ਅਸੀਂ ਅਜਿਹੀਆਂ ਅਜੇ ਹੋਰ ਵੀ ਪਰੀਖਿਆਵਾਂ ਦੇਣੀਆਂ ਸਨ।

ਭਾਰਤ ਵਿੱਚ COVID ਦੀ ਸਥਿਤੀ ਬਦਤਰ ਹੋਣ ਲੱਗ ਗਈ, ਅਤੇ ਸਾਡਿਆਂ ‘ਚੋਂ ਬਹੁਤ ਸਾਰਿਆਂ ਦੇ ਮਾਪੇ ਸਿੱਧੇ ਪ੍ਰਭਾਵਿਤ ਹੋਏ। ਮੇਰੀ ਮਾਂ, ਜੋ ਇਕੱਲੀ ਦਿੱਲੀ ਵਿੱਚ ਰਹਿੰਦੀ ਹੈ, ਉਹਨਾਂ ਨੂੰ COVID ਦੇ ਹਲਕੇ ਲੱਛਣ ਮਹਿਸੂਸ ਹੋਏ। ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਉਹ ਪਹਿਲਾਂ ਹੀ ਐਂਟੀ-ਡਿਪਰੈਂਸੈਂਟ ਗੋਲੀਆਂ ਲੈ ਕੇ ਗੁਜ਼ਾਰਾ ਕਰ ਰਹੀ ਹੈ ਅਤੇ ਬਹੁਤ ਛੇਤੀ ਤਣਾਅ ਵਿੱਚ ਆ ਜਾਂਦੀ ਹੈ। ਇੱਕ ਵਾਰੀ ਤਾਂ ਉਹ ਮੰਜੇ ਤੋਂ ਵੀ ਉੱਤਰ ਨਹੀਂ ਸਕੀ। ਮੈਂ ਉਹਨਾਂ ਨੂੰ ਹਰ ਰੋਜ਼ ਤਾਜ਼ਾ ਪਕਾਇਆ ਖਾਣਾ ਪਹੁੰਚਾਉਣ ਲਈ ਇੱਕ ਵਿਸ਼ੇਸ਼ ਟਿਫਿਨ ਸੇਵਾ ਦਾ ਬੰਦੋਬਸਤ ਕੀਤਾ, ਪਰ ਫਿਰ ਵੀ ਸੋਚਿਆ ਕਰਦਾ ਸੀ ਕਿ ਉਹ ਆਪਣੇ ਆਪ ਨਜਿੱਠਣਯੋਗ ਕਿਵੇਂ ਹੋਵੇਗੀ।

ਗੁਰਲਿਵ ਅਤੇ ਰਸਲੀਨ ਦੇ ਪਿਤਾ ਵੀ ਵਾਇਰਸ ਨਾਲ ਬਹੁਤ ਜਿਆਦਾ ਪ੍ਰਭਾਵਿਤ ਹੋਏ ਸਨ ਅਤੇ ਸਾਹ ਲੈਣ ਲਈ ਜੱਦੋ-ਜਹਿਦ ਕਰ ਰਹੇ ਸਨ। ਹਾਲਾਂਕਿ ਦਿੱਲੀ ਦੇ ਕਿਸੇ ਵੀ ਹਸਪਤਾਲ ਵਿਚ ਬੈੱਡ ਉਪਲਬਧ ਨਹੀਂ ਸਨ, ਪਰ ਗੁਰਲਿਵ ਨਹੀਂ ਚਾਹੁੰਦਾ ਸੀ ਕਿ ਉਸਦੇ ਪਿਤਾ ਹਸਪਤਾਲ ਭਰਤੀ ਹੋਣ, ਕਿਉਂਕਿ ਉਹ ਉੱਥੋਂ ਦੀਆਂ ਭਿਆਨਕ ਹਾਲਤਾਂ ਬਾਰੇ ਸੁਣ ਚੁੱਕਾ ਸੀ। ਇਸ ਲਈ ਉਸ ਨੇ ਘਰ ਵਿੱਚ ਉਹਨਾਂ ਲਈ ਇੱਕ ਆਕਸੀਜਨ ਕੰਸਨਟ੍ਰੇਟਰ ਦਾ ਪ੍ਰਬੰਧ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਉਸ ਦੇ ਪਿਤਾ ਆਖਰਕਾਰ ਠੀਕ ਹੋ ਗਏ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਸਾਰਿਆਂ ਲਈ ਏਦਾਂ ਨਹੀਂ ਸੀ। ਜਿਸ ਸਮੇਂ ਮੈਂ ਇਹ ਲਿਖ ਰਿਹਾ ਹਾਂ, ਸਾਡਾ ਘਰ ਸੋਗ ਮਨਾ ਰਿਹਾ ਹੈ। ਅਮਨ ਦੇ ਪਿਤਾ ਨੂੰ ਦੋ ਹਫਤਿਆਂ ਤੋਂ ਵੱਧ ਸਮੇਂ ਲਈ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਡਾਕਟਰ ਐਕਸਟਰਾਕੋਰਪੋਰੀਅਲ ਮੈਂਬਰੇਨ ਆਕਸੀਜਨਕਰਨ ਅਜ਼ਮਾਉਣ ਦੀ ਯੋਜਨਾ ਬਣਾ ਰਹੇ ਸਨ। ਪਰ ਇਸ ਤੋਂ ਪਹਿਲਾਂ ਕਿ ਅੱਗੇ ਇਲਾਜ ਕੀਤਾ ਜਾਂਦਾ, ਅਮਨ ਦੇ ਪਿਤਾ ਦਾ ਦਿਹਾਂਤ ਹੋ ਗਿਆ।

ਅਸੀਂ ਸੋਚਿਆ ਕਿ ਕਿਸੇ ਤਰ੍ਹਾਂ ਅਸੀਂ ਆਪਣੇ-ਆਪ ਨੂੰ ਖ਼ਬਰਾਂ ਲਈ ਤਿਆਰ ਕਰ ਲਿਆ ਹੈ, ਪਰ ਜਦੋਂ ਆਖਰਕਾਰ ਇਹ ਖਬਰ ਆਈ, ਤਾਂ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਬੇਹੱਦ ਬਿਨਾਂ ਤਿਆਰ ਬੈਠੇ ਸੀ। ਅਸੀਂ ਵੀਡੀਓ ਕਾਲ ਰਾਹੀਂ ਉਸਦੇ ਪਿਤਾ ਦੇ ਅੰਤਮ-ਸੰਸਕਾਰ ਵਿੱਚ ਸ਼ਾਮਲ ਹੋਏ। ਅਸੀਂ ਸਾਰੀ ਰਾਤ ਅਮਨ ਦੇ ਪਿਤਾ ਲਈ ਅਰਦਾਸ ਕੀਤੀ - ਸਿੱਖ ਧਰਮ ਵਿੱਚ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜੇ ਅਸੀਂ ਮ੍ਰਿਤਕਾਂ ਲਈ ਅਰਦਾਸ ਕਰੀਏ, ਤਾਂ ਇਹ ਅਰਦਾਸਾਂ ਹੋਰ ਦੁੱਖਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ।

ਮੈਂ ਉਮੀਦ ਕਰਦਾ ਹਾਂ ਕਿ ਮੈਂ ਦੂਜਿਆਂ ਦੀ ਮਦਦ ਕਰਨ ਲਈ ਆਪਣੇ ਤਜਰਬੇ, ਅਤੇ ਐਨਜੀਓ ਵਿੱਚ ਮੇਰੇ ਕੰਮ ਕਰਨ ਦੇ ਪਿਛੋਕੜ ਦੀ ਵਰਤੋਂ ਕਰ ਸਕਦਾ ਹਾਂ – ਖਾਸ ਤੌਰ ‘ਤੇ ਉਹਨਾਂ ਵਿਅਕਤੀਆਂ ਜਾਂ ਪਰਿਵਾਰਾਂ ਦੀ ਜਿਨ੍ਹਾਂ ਨੂੰ COVID-19 ਰਿਹਾ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਵਾਲੇ ਵਾਇਰਸ ਨਾਲ ਗ੍ਰਸਤ ਹੋ ਕੇ ਬਿਮਾਰ ਪੈ ਗਏ। ਡਾਕਟਰੀ ਅਤੇ ਵਿੱਤੀ ਸਹਾਇਤਾ ਮਹੱਤਵਪੂਰਨ ਹੈ, ਪਰ ਇਹ ਯਕੀਨੀ ਬਣਾਉਣਾ ਵੀ ਬਹੁਤ ਜ਼ਰੂਰੀ ਹੈ ਕਿ ਉਹ ਸਲਾਹ-ਮਸ਼ਵਰਾ ਅਤੇ ਮਾਨਸਿਕ-ਸਿਹਤ ਨਾਲ ਜੁੜੀ ਹੋਰ ਸਹਾਇਤਾ ਪ੍ਰਾਪਤ ਕਰਨ।

COVID ਨੇ ਮੈਨੂੰ ਸਰੀਰਕ ਤੌਰ ‘ਤੇ ਕਮਜ਼ੋਰ ਕਰ ਦਿੱਤਾ, ਪਰ ਮਾਨਸਿਕ ਤੌਰ ‘ਤੇ ਮਜ਼ਬੂਤ। ਮੇਰੇ ਖੁਦ ਵੱਲੋਂ ਇਸ ਨਾਲ ਨਜਿੱਠਣ ਤੋਂ ਬਾਅਦ, ਮੈਂ ਉਨ੍ਹਾਂ ਦਰਦਾਂ, ਉਲਝਣਾਂ ਅਤੇ ਬੇਵਸੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਜਿਸ ਨੂੰ ਇਸ ਬਿਮਾਰੀ ਨਾਲ ਇੱਕ ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਭਾਵਿਤ ਹੋਏ ਹੋਰਨਾਂ ਲੋਕਾਂ ਨੇ ਮਹਿਸੂਸ ਕੀਤਾ ਹੈ।

Follow related authors and topics

Authors and topics you follow will be added to your personal news feed in Following.

Interact with The Globe